ਅੰਮ੍ਰਿਤਸਰ 18 ਦਸੰਬਰ 2015:– ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ਦੇ ਨਾਲ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਕੇ ਇਨ੍ਹਾਂ ਦੀ ਥਾਂ ‘ਤੇ ਯਾਤਰੂਆਂ ਦੀ ਸਹੂਲਤ ਵਾਸਤੇ ਸੂਚਨਾ ਕੇਂਦਰ ਖੋਲਣ ਦੀ ਮੰਗ ਕੀਤੀ ਹੈ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਨੂੰ ਭੇਜੀ ਇਕ ਨਿੱਜੀ ਈ ਮੇਲ ਵਿਚ ਮੰਚ ਆਗੂ ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸਕ ਦਰਵਾਜ਼ੇ ਸ਼ਹਿਰੀਆਂ ਅਤੇ ਯਾਤਰੂਆਂ ਦੇ ਲਾਂਘੇ ਲਈ ਅਹਿਮ ਸਥਾਨ ਹਨ ਪਰ ਇਨ੍ਹਾਂ ਦਰਵਾਜ਼ਿਆਂ ਦੇ ਨਾਲ ਖੁੱਲੇ ਸ਼ਰਾਬ ਦੇ ਠੇਕੇ ਪੰਥਕ ਸਰਕਾਰ ਦੇ ਮੱਥੇ ‘ਤੇ ਕਲੰਕ ਹਨ ਕਿਉਂ ਸਿੱਖ ਰਹਿਤ ਮਰਿਆਦਾ ਵਿਚ ਸਿੱਖ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਦੀ ਮਨਾਹੀ ਹੈ। ਇਨ੍ਹਾਂ ਦੀ ਥਾਂ ‘ਤੇ ਯਾਤਰੂਆਂ ਦੀ ਜਾਣਕਾਰੀ ਲਈ ਇਥੇ ਐਸਾ ਲਿਟਰੇਚਰ ਰੱਖਿਆ ਜਾਵੇ ਜਿਸ ਤੋਂ ਉਨ੍ਹਾਂ ਨੂੰ ਅੰਮ੍ਰਿਤਸਰ, ਪੰਜਾਬ ਅਤੇ ਇਸਦੇ ਨਾਲ ਦੇ ਸੂਬਿਆਂ ਦੇ ਤੀਰਥ ਅਸਥਾਨਾਂ, ਪੁਰਾਣੀਆਂ ਇਤਿਹਾਸਿਕ ਇਮਾਰਤਾਂ, ਹੋਟਲਾਂ, ਟੈਕਸੀ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਬਸ ਸਟੈਂਡਾਂ, ਸਰਾਵਾਂ, ਖ੍ਰੀਦੋ ਫਰੋਖਤ ਕਰਨ ਲਈ ਮਹੱਤਵਪੂਰਨ ਸਥਾਨਾਂ, ਪੁਸਤਕਾਂ ਦੀਆਂ ਦੁਕਾਨਾਂ ਆਦਿ ਬਾਰੇ ਜਾਣਕਾਰੀ ਮਿਲ ਸਕੇ। ਇਥੇ ਪੀ.ਸੀ.ਓ. ਵੀ ਖੋਲ੍ਹੇ ਜਾਣ ਜਿਥੋਂ ਯਾਤਰੂ ਲੋੜ ਪੈਣ ‘ਤੇ ਟੈਲੀਫੋਨ ਕਰ ਸਕਣ।
ਉਨ੍ਹਾਂ ਯਾਦ ਦਵਾਇਆ ਕਿ ਜਿੱਥੇ ਦੇਸ਼ ਦੇ ਬਾਕੀ ਸੂਬੇ ਮੁਕੰਮਲ ਨਸ਼ਾਬੰਦੀ ਵਲ ਵਧ ਰਹੇ ਹਨ, ਉਥੇ ਪੰਜਾਬ ਸਰਕਾਰ ਨੇ ਥਾਂ ਥਾਂ ਠੇਕੇ ਖੋਲ ਪੰਜਾਬ ਨੂੰ ਨਸ਼ਈਆਂ ਦਾ ਸੂਬਾ ਬਣਾ ਦਿੱਤਾ ਹੈ। ਗੁਜਰਾਤ ਵਿਚ ਪਹਿਲਾਂ ਤੋਂ ਹੀ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਸੀ।ਬਿਹਾਰ ਸਰਕਾਰ ਨੇ ਚੋਣ ਮੈਨੀਫੈਸਟੋ ‘ਤੇ ਅਮਲ ਕਰਦੇ ਹੋਏ ਬਿਹਾਰ ਵਿਚ ਵੀ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਹਰਿਆਣਾ ਤੇ ਹੋਰਨਾਂ ਸੂਬਿਆਂ ਵਿਚ ਧਾਰਮਿਕ ਸ਼ਹਿਰਾਂ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਨਹੀਂ ਹਨ।ਪੰਜਾਬ ਸਰਕਾਰ ਨੂੰ ਵੀ ਹੌਲੀ ਹੌਲੀ ਸ਼ਰਾਬ ਦੇ ਠੇਕੇ ਬੰਦ ਕਰਨ ਵਲ ਵਧਣਾ ਚਾਹੀਦਾ ਹੈ।