ਉਨ੍ਹਾਂ ਕਿਹਾ ਕਿ ਇਸ ਸਮੇਂ ਮਲਿੰਡੋ, ਸਕੂਟ, ਸਪਾਇਸ ਜੈੱਟ, ਕਤਰ ਏਅਰਵੇਜ਼, ਉਜ਼ਬੇਕਿਸਤਾਨ ਤੇ ਤੁਰਕਮਿਨਸਤਾਨ ਏਅਰ ਲਾਇਨਜ਼ ਦੀਆਂ ਸਿੱਧੀਆਂ ਉਡਾਣਾਂ ਹਨ। ਯੂਰਪ, ਬਰਮਿੰਘਮ, ਲੰਡਨ, ਫਰੈਂਕਫਰਟ, ਮਿਲਾਨ ਲਈ ਕੋਈ ਸਿੱਧੀ ਉਡਾਣ ਨਹੀਂ, ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਅਧਿਕਾਰੀਆਂ ਨੇ ਅੰਮ੍ਰਿਤਸਰ-ਬਰਮਿੰਘਮ-ਟੋਰਾਂਟੋ ਉਡਾਣ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਜਦੋਂ ਇਸ ਉਡਾਣ ਦੀ ਸ਼ੁਰੂ ਕਰਨ ਦੀ ਮਿਤੀ ਬਾਰੇ ਪੁੱਛਿਆ ਗਿਆ ਤਾਂ ਏਅਰ ਇੰਡੀਆ ਦੇ ਜਨਰਲ ਮੈਨੇਜਰ ਮਾਰਕੀਟਿੰਗ ਰਜਨੀਸ਼ ਬੱਗਾ ਨੇ ਕਿਹਾ ਕਿ ਏਅਰ ਇੰਡੀਆ ਨਵੇਂ ਜਹਾਜ਼ ਖ੍ਰੀਦ ਰਹੀ ਹੈ।
ਇਨ੍ਹਾਂ ਦੇ ਆਉਣ ਸਮੇਂ ਹੀ ਏਅਰ ਇੰਡੀਆ ਨਵੀਆਂ ਉਡਾਣਾਂ ਬਾਰੇ ਐਲਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਕੋਈ ਐਲਾਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਪ-ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਤੋਂ ਮੁੜ ਸਿੱਧੀਆਂ ਉਡਾਣਾਂ ਬਾਰੇ ਬਿਆਨ ਜਾਰੀ ਕੀਤੇ ਪਰ ਅਜਿਹਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵੱਲੋਂ ਦਿੱਲੀ-ਵਾਸ਼ਿੰਗਟਨ ਉਡਾਣ ਜੁਲਾਈ ਵਿੱਚ, ਚੰਡੀਗੜ੍ਹ-ਬੈਂਕਾਕ ਮਈ 2017ਵਿਚ, ਦਿੱਲੀ-ਕੋਪਨਹੈਗਨ (ਡੈਨਮਾਰਕ) ਮਈ 2017 ਵਿੱਚ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਦੀ ਨੇ ਗੁਰੂ ਦੀ ਨਗਰੀ ਤੋਂ ਪਹਿਲਾਂ ਤੋਂ ਚਲਦੀ ਬਰਾਸਤਾ ਲੰਡਨ ਏਅਰ ਇੰਡੀਆ ਦੀ ਉਡਾਣ ਇੱਥੋਂ ਖੋਹ ਕੇ ਆਪਣੇ ਗੁਜਰਾਤੀ ਭਾਈਆਂ ਨੂੰ ਖ਼ੁਸ਼ ਕਰਨ ਲਈ ਅਹਿਮਦਾਬਾਦ ਤੋਂ ਸਿੱਧੀ ਲੰਡਨ ਪਿਛਲੇ ਸਾਲ 15 ਅਗਸਤ ਤੋਂ ਸ਼ੁਰੂ ਕਰ ਲਈ ਪਰ ਜਦੋਂ ਵਿਕਾਸ ਮੰਚ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਦੀ ਗੱਲ ਕਰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਦਿੱਲੀ ਹੱਬ ਹੈ, ਇਸ ਲਈ ਇਹ ਉਡਾਣਾਂ ਬਰਾਸਤਾ ਦਿੱਲੀ ਹੀ ਜਾਣਗੀਆਂ ਪਰ ਜਦੋਂ ਅਹਿਮਦਾਬਾਦ ਤੇ ਹੁਣ ਚੰਡੀਗੜ੍ਹ ਤੋਂ ਸਿੱਧੀਆਂ ਉਡਾਣਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਇਸ ਦਾ ਕੋਈ ਜੁਆਬ ਨਹੀਂ ਦਿੱਤਾ ਜਾਂਦਾ। ਮੰਚ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਤੇ ਜੈੱਟ ਏਅਰਵੇਜ਼ ਵੱਲੋਂ ਦਿੱਲੀ ਦੇ ਪ੍ਰਾਈਵੇਟ ਏਅਰ ਪੋਰਟ ਨੂੰ ਲਾਭ ਪਹੁੰਚਾਉਣ ਦੀ ਨੀਤੀ ਵਿਰੁੱਧ ਆਵਾਜ਼ ਬੁਲੰਦ ਕਰਨ।
Leave a Reply